ਬੜੇ ਮਾਣ ਅਤੇ ਡੂੰਘੀ ਵਚਨ-ਬੱਧਤਾ ਨਾਲ, ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਦੀ ਮਾਣਮੱਤੀ ਜ਼ਿੰਮੇਵਾਰੀ ਸੰਭਾਲ ਰਿਹਾ ਹਾਂ। ਪੰਜਾਬੀ ਯੂਨੀਵਰਸਿਟੀ ਇਕ ਅਜਿਹੀ ਸੰਸਥਾ ਹੈ, ਜਿਹੜੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਵਿਰਾਸਤ ਦੇ ਪ੍ਰਚਾਰ ਅਤੇ ਵਿਕਾਸ ਵਿਚ ਆਪਣੇ ਇਤਿਹਾਸਕ ਯੋਗਦਾਨ ਲਈ ਵਿਸ਼ਵ-ਪੱਧਰ ‘ਤੇ ਜਾਣੀ ਜਾਂਦੀ ਹੈ। ਸਾਲ 1962 ਵਿਚ ਆਪਣੀ ਸਥਾਪਨਾ ਤੋਂ ਹੀ ਇਸ ਯੂਨੀਵਰਸਿਟੀ ਨੇ ਅਕਾਦਮਿਕ ਉੱਤਮਤਾ ਅਤੇ ਸੰਭਾਲ ਦੇ ਉਦੇਸ਼ ਨੂੰ ਪੂਰੇ ਸਿਦਕ, ਸਿਰੜ, ਦ੍ਰਿੜਤਾ ਅਤੇ ਉਤਸ਼ਾਹ ਨਾਲ ਨਿਭਾਇਆ ਹੈ।
ਪੰਜਾਬੀ ਯੂਨੀਵਰਸਿਟੀ ਅੱਜ ਉੱਚ-ਸਿੱਖਿਆ ਦੇ ਖੇਤਰ ਵਿਚ ਚਾਨਣ-ਮੁਨਾਰੇ ਵਜੋਂ ਭੂਮਿਕਾ ਨਿਭਾ ਰਹੀ ਹੈ। ਇਸ ਨੇ ਅਕਾਦਮਿਕ, ਸਭਿਆਚਾਰਕ ਅਤੇ ਸਮਾਜਿਕ ਪ੍ਰਾਪਤੀਆਂ ਦੇ ਪਖੋਂ ਅੰਤਰ-ਰਾਸ਼ਟਰੀ ਪੱਧਰ ਤੇ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਸੰਸਾਰ ਦੀ ਇਹ ਦੂਜੀ ਯੂਨੀਵਰਸਿਟੀ ਹੈ ਜਿਸ ਦੀ ਸਥਾਪਨਾ ਕਿਸੇ ਭਾਸ਼ਾ ਦੇ ਨਾਂ ‘ਤੇ ਹੋਈ ਹੈ। ਇਸ ਯੂਨੀਵਰਸਿਟੀ ਨੇ ਜਿਨ੍ਹਾਂ ਭਾਸ਼ਾਈ, ਸਾਹਿਤਕ, ਵਿਰਾਸਤੀ, ਬੌਧਿਕ ਅਤੇ ਅਧਿਆਤਮਕ ਮਨੋਰਥਾਂ ਅਤੇ ਪਰੰਪਰਾਵਾਂ ਨੂੰ ਅਪਨਾਇਆ ਹੈ, ਉਨ੍ਹਾਂ ਨੂੰ ਜੀਵੰਤ ਹੀ ਨਹੀਂ ਰੱਖਿਆ, ਉਨ੍ਹਾਂ ਨੂੰ ਗੌਰਵਮਈ ਵੀ ਬਣਾਇਆ ਹੈ।
ਇਕ ਹਰਿਆ ਭਰਿਆ, ਰਮਣੀਕ ਵਿਸ਼ਾਲ ਕੈਂਪਸ, ਅਤਿ-ਆਧੁਨਿਕ ਸਹੂਲਤਾਂ ਅਤੇ ਇਕ ਸਮਰਪਿਤ ਫੈਕਲਟੀ ਨਾਲ ਇਹ ਯੂਨੀਵਰਸਿਟੀ ਅਧਿਆਪਨ ਅਤੇ ਖੋਜ ਦੇ ਖੇਤਰਾਂ ਵਿਚ ਨਵੇਂ ਮਿਆਰ ਸਥਾਪਤ ਕਰ ਰਹੀ ਹੈ।
ਕਿਸੇ ਵੀ ਅਕਾਦਮਿਕ ਸੰਸਥਾ ਦਾ ਵਿਕਾਸ ਇਸ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ, ਸਬੰਧਤ ਕਾਲਜਾਂ ਅਤੇ ਖੇਤਰੀ ਕੇਂਦਰਾਂ ਦੇ ਸਮੂਹਕ ਯਤਨਾਂ ਨਾਲ ਹੀ ਸੰਭਵ ਹੁੰਦਾ ਹੈ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਵਾਸਤੇ ਮੈਂ ਇਕ ਸਹਿਯੋਗੀ ਵਾਤਾਵਰਣ ਉਸਾਰਨ ਲਈ ਦ੍ਰਿੜ-ਸੰਕਲਪ ਹਾਂ ਤਾਂ ਕਿ ਯੂਨੀਵਰਸਿਟੀ ਨਾਲ ਸਬੰਧਤ ਹਰ ਕੋਈ ਆਪਣਾ ਅਰਥਪੂਰਨ ਯੋਗਦਾਨ ਪਾ ਸਕੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਮਿਸਾਲੀ ਸਮਰਪਣ ਨਾਲ ਇਸ ਮਹਾਨ ਸੰਸਥਾ ਨੂੰ ਨਵੀਂਆਂ ਅਤੇ ਮਾਣ ਕਰਨ ਯੋਗ ਪ੍ਰਾਪਤੀਆਂ ਵਲ ਲੈ ਜਾਣ ਵਿਚ ਸਫਲ ਹੋਵਾਂਗੇ।
ਆਓ ਅਸੀਂ ਸਾਰੇ ਸਿੱਖਿਆ, ਖੋਜ ਅਤੇ ਨਵੀਨਤਾ ਦੇ ਉੱਚਤਮ ਮਿਆਰਾਂ ਨੂੰ ਪ੍ਰਾਪਤ ਕਰਨ ਲਈ ਇਕ-ਜੁੱਟ ਹੋ ਕੇ ਹੰਭਲਾ ਮਾਰੀਏ। ਸਾਡਾ ਅਗਲੇਰਾ ਮਾਰਗ, ਚਣੌਤੀਆਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੈ। ਸਾਂਝੇ ਅਤੇ ਸਪਸ਼ਟ ਦ੍ਰਿਸ਼ਟੀਕੋਣ ਅਤੇ ਅਡੋਲ ਵਚਨਬੱਧਤਾ ਨਾਲ ਅਸੀਂ ਆਪਣੀ ਪਿਆਰੀ, ਨਿਆਰੀ ਅਤੇ ਪ੍ਰਸਿੱਧ ਯੂਨੀਵਰਸਿਟੀ ਨੂੰ ਅਕਾਦਮਿਕ ਬੁਲੰਦੀਆਂ ਵੱਲ ਲੈ ਜਾ ਸਕਦੇ ਹਾਂ ਅਤੇ ਲੈ ਕੇ ਜਾਵਾਂਗੇ।